Gurmat Saniyas | Sakhi - 57 | Sant Attar Singh ji Mastuana Wale
Description
ਗੁਰਮਤਿ ਸੰਨਿਆਸ
ਸਿੰਧ ਦੇ ਦੌਰੇ ਸਮੇਂ ਦੋ ਦਿਨ ਗੱਡੀ ਦੇ ਸਫ਼ਰ ਵਿੱਚ ਕਿਸੇ ਨੇ ਵੀ ਪ੍ਰਸ਼ਾਦਾ ਨਾ ਛਕਿਆ। ਜਿਸ ਗੁਰਦੁਆਰੇ ਰਾਤ ਠਹਿਰੇ, ਉੱਥੇ ਸੰਤਾਂ ਨੇ ਤਾਂ ਜੁਗਤ ਨਾਲ ਅਲਪ-ਅਹਾਰ ਹੀ ਕੀਤਾ ਪਰ ਸੇਵਕਾਂ ਨੇ ਰੱਜ-ਰੱਜ ਦੋ ਦਿਨ ਦੀਆਂ ਕਸਰਾਂ ਕੱਢੀਆਂ ਅਤੇ ਸਵੇਰੇ ਪੰਜ ਵਜੇ ਤੱਕ ਸੁੱਤੇ ਰਹੇ। ਸੰਤ ਜੀ ਮਹਾਰਾਜ ਆਪਣੇ ਨੇਮ ਅਨੁਸਾਰ ਅੰਮ੍ਰਿਤ ਵੇਲੇ ਇੱਕ ਵਜੇ ਜਾਗ, ਇਸ਼ਨਾਨ ਕਰ, ਨਿੱਤਨੇਮ ਸਿਮਰਨ ਵਿੱਚ ਜੁੱਟ ਗਏ। ਪੰਜ ਵਜੇ ਸਭ ਨੂੰ ਆਪ ਨੇ ਜਗਾਇਆ ਅਤੇ ਸਮਝਾਇਆ, "ਪ੍ਰੇਮੀਓ! ਫ਼ਕੀਰੀ (ਗੁਰਮਤਿ ਮਾਰਗ) ਬੜੀ ਦੂਰ ਹੈ। ਜਦ ਤੱਕ ਸਿਮਰਨ ਅਤੇ ਸੇਵਾ ਦੇ ਆਸਰੇ ਨਾਮ ਰੂਪ ਹੋ ਕੇ ਸਰੀਰ ਤੋਂ ਉੱਤੇ ਉੱਠ ਕੇ ਪਾਰ ਨਾ ਹੋ ਜਾਵੇ, ਫ਼ਕੀਰ (ਗੁਰਮਤਿ ਮਾਰਗ ਦਾ ਪਾਂਧੀ) ਨਹੀਂ ਬਣਦਾ। ਅਸੀਂ ਤਾਂ ਥੋੜ੍ਹੇ ਜਿਹੇ ਦੁੱਖ ਨੂੰ ਦੁੱਖ ਮਨ ਲੈਂਦੇ ਹਾਂ ਅਤੇ ਸਰੀਰ ਦੇ ਅਧੀਨ ਹੋ ਕੇ ਸਤਿਗੁਰੂ ਦੇ ਹੁਕਮ ਨੂੰ ਭੁੱਲ ਜਾਂਦੇ ਹਾਂ। ਭਾਈ! ਫ਼ਕੀਰੀ ਬਾਣਾ ਧਾਰਨ ਦਾ ਤਾਂ ਇਹੀ ਗੁਣ ਹੈ ਕਿ ਘੱਟ ਤੋਂ ਘੱਟ ਭੇਖ (ਬਾਣਾ) ਦੀ ਲਾਜ ਕਰਕੇ ਹੀ ਹਰ ਵੇਲੇ ਸਤਿਗੁਰੂ ਦਾ ਹੁਕਮ ਯਾਦ ਰਹੇ। ਗੁਰਮਤਿ ਅਨੁਸਾਰ ਫਕੀਰੀ ਦੇ ਅਰਥ ਇਹ ਹਨ, ਫ: ਫਨਾਹ ਅਥਵਾ ਆਪਣੀ ਹਉਮੈ ਨੂੰ ਮਾਰਨਾ; ਕ: ਕਿਨਾਰੇ ਅਥਵਾ ਕਿਸੇ ਵੀ ਦੁਨਿਆਵੀ ਵਿਅਕਤੀ ਜਾਂ ਵਸਤੂ ਨਾਲ ਮੋਹ ਨਹੀਂ ਪਾਉਣਾ; ਰ: ਰਹਿਮਦਿਲ ਅਥਵਾ ਕੋਈ ਵੀ ਬੁਰਾ-ਭਲਾ ਕਹੇ ਤਾਂ ਮਨ ਵਿੱਚ ਉਸ ਦੇ ਪ੍ਰਤੀ ਵਾਹਿਗੁਰੂ ਅੱਗੇ ਅਰਦਾਸ ਹੀ ਕਰਨੀ ਹੈ ਅਤੇ ਗੁੱਸਾ ਨਹੀਂ ਕਰਨਾ।"